ਰਾਤ ਦੇ ਹਨੇਰੇ ਵਿੱਚ
ਮੈਂ ਆਪਣੀ ਚੁੱਪ ਦੀ ਝੋਲੀ
ਤੇਰੇ ਨਾਮ ਦੀ ਖੁਸ਼ਬੂ ਨਾਲ ਭਰ ਲੈਂਦੀ ਹਾਂ
ਚੰਨ ਦੀ ਸਫੈਦ ਰੌਸ਼ਨੀ
ਮੇਰੇ ਵਾਲਾਂ ਵਿੱਚ ਗੁਥ ਜਾਂਦੀ ਹੈ
ਤੇ ਮੈਂ ਸੋਚਦੀ ਹਾਂ—
ਤੂੰ ਹੁੰਦਾ ਤਾਂ ਰਾਤ ਕਿੰਨੀ ਪਵਿੱਤਰ ਹੁੰਦੀ....
ਸਾਹਾਂ ਦੇ ਵਿਚਕਾਰ
ਇਕ ਅਣਲਿਖਿਆ ਖ਼ਤ ਹੈ
ਜੋ ਹਰ ਵੇਲੇ
ਤੇਰੇ ਪਤੇ ਵੱਲ ਦੌੜਦਾ ਰਹਿੰਦਾ ਹੈ...
ਮੈਂ ਆਪਣੇ ਦਿਲ ਦੀਆਂ ਖਿੜਕੀਆਂ ਖੋਲ੍ਹ ਕੇ
ਹਵਾ ਨੂੰ ਪੁੱਛਦੀ ਹਾਂ—
ਕਿਹੜੀ ਪਾਸੇ ਰਹਿੰਦਾ ਹੈ ਉਹ?
ਹਵਾ ਸਿਰਫ਼ ਤੇਰੀ ਖੁਸ਼ਬੂ ਨਾਲ
ਮੇਰਾ ਚਿਹਰਾ ਭਰ ਦਿੰਦੀ ਹੈ....
ਤੇਰੀ ਯਾਦਾਂ ਦੀਆਂ ਰੇਤਾਂ
ਮੇਰੇ ਪੈਰਾਂ ਹੇਠ ਰੁੜਕਦੀਆਂ ਨੇ
ਮੈਂ ਹਰ ਕਦਮ ਤੇ ਡੁੱਬਦੀ ਹਾਂ—
ਪਰ ਇਹ ਡੁੱਬਣਾ ਵੀ
ਮੇਰੇ ਲਈ ਇਕ ਅਰਦਾਸ ਵਾਂਗ ਹੈ...
ਕਈ ਵਾਰੀ ਲਗਦਾ ਹੈ
ਤੂੰ ਮੇਰੇ ਅੰਦਰ ਵਸਦਾ ਹੈ
ਤੇ ਮੈਂ ਆਪਣੀਆਂ ਹੀ ਸਾਹਾਂ ਵਿੱਚੋਂ
ਤੈਨੂੰ ਛੂਹ ਲੈਂਦੀ ਹਾਂ...
ਅਤੇ ਮੈਂ…
ਹਰ ਸ਼ਬਦ ਨਾਲ ਤੇਰੇ ਹੱਥ ਛੂਹਦੀ ਹਾਂ,
ਜਿਵੇਂ ਦੁਨੀਆ ਨੂੰ ਨਹੀਂ
ਸਿਰਫ਼ ਤੈਨੂੰ ਜਿਉਂਦੀ ਹੋਵਾਂ....
-ਹੀਰ